ਸੂਬਾ ਸਰਕਾਰ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ-ਵੱਡੇ ਦਾਅਵੇ ਤਾਂ ਜ਼ਰੂਰ ਕਰਦੀ ਹੈ ਪਰ ਅਸਲੀਅਤ ਤੋਂ ਕੋਹਾਂ ਦੂਰ ਹੈ। ਪੰਜਾਬੀ ਬੋਲੀ ਨੂੰ ਲੋਕਾਂ ਤਕ ਪਹੁੰਚਾਉਣ ਵਾਲੇ ਉਨ੍ਹਾਂ ਕਲਾਕਾਰਾਂ ਦੀ ਸਰਕਾਰ ਨੇ ਕਦੇ ਸਾਰ ਤਕ ਨਹੀਂ ਲਈ, ਜਿਨ੍ਹਾਂ ਨੇ ਆਪਣੀ ਕਲਾਕਾਰੀ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਅਤੇ ਪੰਜਾਬੀ ਨੂੰ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਾਇਆ। ਜਿੰਨਾ ਚਿਰ ਉਹ ਕਲਾਕਾਰ ਆਪਣੇ ਦਮ ‘ਤੇ ਆਪਣੀ ਕਲਾਕਾਰੀ ਦਾ ਲੋਹਾ ਮਨਵਾਉਂਦੇ ਰਹੇ, ਉਦੋਂ ਤਕ ਸਰਕਾਰ ਦੇ ਅਹਿਲਕਾਰ ਉਨ੍ਹਾਂ ਦੇ ਅੱਗੇ-ਪਿੱਛੇ ਘੁੰਮਦੇ ਰਹੇ। ਉਨ੍ਹਾਂ ‘ਤੇ ਮਾੜਾ ਵਕਤ ਆਇਆ ਤਾਂ ਉਨ੍ਹਾਂ ਦਾ ਸਰਕਾਰ ਦੇ ਅਹਿਲਕਾਰਾਂ ਅਤੇ ਪ੍ਰਸ਼ੰਸਕਾਂ ਨੇ ਵੀ ਸਾਥ ਛੱਡ ਦਿੱਤਾ। ਅੱਜ ਉਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਸਦੀ ਮਿਸਾਲ 150 ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਬਤੌਰ ਹੀਰੋ ਦੇ ਤੌਰ ‘ਤੇ ਆਪਣੀ ਭੂਮਿਕਾ ਨਿਭਾ ਕੇ ਇਕ ਦਹਾਕਾ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪੰਜਾਬੀ ਹੀਰੋ ਸਤੀਸ਼ ਕੌਲ ਤੋਂ ਲਈ ਜਾ ਸਕਦੀ ਹੈ, ਜੋ ਆਪਣਾ ਇਲਾਜ ਨਾ ਹੋਣ ਕਾਰਨ ਹਸਪਤਾਲ ਵਿਚ ਭਰਤੀ ਹੈ ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਕੁਝ ਮਹੀਨੇ ਪਹਿਲਾਂ ਉਹ ਕੰਮ ਦੀ ਤਲਾਸ਼ ‘ਚ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ ‘ਤੇ ਰਿਕਸ਼ੇ ‘ਤੇ ਬੈਠ ਕੇ ਇਧਰ-ਉਧਰ ਘੁੰਮਦਾ ਦੇਖਿਆ ਜਾਂਦਾ ਸੀ, ਅੱਜ ਉਹ ਹਸਪਤਾਲ ਵਿਚ ਭਰਤੀ ਹੈ, ਜਿਸਨੂੰ ਆਪਣੇ ਇਲਾਜ ਦਾ ਬਿੱਲ ਦੇਣਾ ਵੀ ਔਖਾ ਹੋਇਆ ਪਿਆ ਹੈ। ਜ਼ਿਕਰਯੋਗ ਹੈ ਕਿ ਮਹੀਨਾ ਕੁ ਪਹਿਲਾਂ ਸਤੀਸ਼ ਕੌਲ ਦਾ ਬਾਥਰੂਮ ਵਿਚ ਪੈਰ ਫਿਸਲਣ ਕਾਰਨ ਚੂਲ੍ਹਾ ਉਤਰ ਗਿਆ ਸੀ, ਜਿਸ ਕਾਰਨ ਉਸਨੂੰ ਪਟਿਆਲਾ ਦੇ ਨਰਾਇਣ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸਦੇ ਇਲਾਜ ‘ਤੇ ਹੁਣ ਤਕ ਡੇਢ ਲੱਖ ਦੇ ਕਰੀਬ ਖਰਚ ਹੋ ਚੁੱਕਾ ਹੈ। ਹੁਣ ਸਤੀਸ਼ ਕੌਲ ਵਲੋਂ ਆਪਣੀ ਬੀਮਾਰੀ ‘ਤੇ ਖਰਚ ਹੋਏ ਪੈਸੇ ਦੇਣੇ ਵੀ ਔਖੇ ਹੋ ਗਏ ਹਨ। ਉਨ੍ਹਾਂ ਦੇ ਇਲਾਜ ਲਈ ਨਾ ਕੋਈ ਪ੍ਰਸ਼ੰਸਕ, ਨਾ ਹੀ ਕੋਈ ਸਮਾਜ ਸੇਵੀ ਸੰਸਥਾ ਤੇ ਨਾ ਹੀ ਸੂਬਾ ਸਰਕਾਰ ਅੱਗੇ ਆ ਰਹੀ ਹੈ। ਇਲਾਜ ਅਧੀਨ ਜਦੋਂ ਸਤੀਸ਼ ਕੌਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਹੁਣ ਉਸ ਕੋਲ ਆਪਣੇ ਇਲਾਜ ‘ਤੇ ਹੋਏ ਖਰਚੇ ਦਾ ਬਿੱਲ ਭਰਨ ਲਈ ਵੀ ਕੋਈ ਪੈਸਾ ਨਹੀਂ ਹੈ, ਜਿਸ ਕਾਰਨ ਉਸ ਦਾ ਇਲਾਜ ਨਹੀਂ ਹੋ ਪਾ ਰਿਹਾ। ਸਤੀਸ਼ ਕੌਲ ਨੇ ਕਿਹਾ ਕਿ ਚੰਗੇ ਸਮੇਂ ਵਿਚ ਤਾਂ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਅਤੇ ਦੋਸਤ-ਮਿੱਤਰ ਸਨ ਪਰ ਜਦੋਂ ਅੱਜ ਉਸ ‘ਤੇ ਵਕਤ ਪਿਆ ਹੈ ਤਾਂ ਕੋਈ ਵੀ ਨਾਲ ਨਹੀਂ ਖੜ੍ਹਦਾ।
ਸਮਾਜ ਸੇਵੀ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਉੁਣ : ਮੈਡਮ ਵਾਲੀਆ
ਸਮਾਜ ਸੇਵਿਕਾ ਸ਼੍ਰੀਮਤੀ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਸ਼ਾਹੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀਆਂ ਨੇ ਸਮੇਂ-ਸਮੇਂ ‘ਤੇ ਲੋਕਾਂ ਦੀ ਮਦਦ ਲਈ ਆਪਣਾ ਅਹਿਮ ਯੋਗਦਾਨ ਪਾਇਆ ਹੈ, ਹੁਣ ਉਨ੍ਹਾਂ ਨੂੰ ਪੰਜਾਬੀ ਹੀਰੋ ਸਤੀਸ਼ ਕੌਲ ਦੀ ਮਦਦ ਲਈ ਵੀ ਵਧ- ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਤੀਸ਼ ਕੌਲ ਦੇ ਰਹਿਣ ਅਤੇ ਇਲਾਜ ਲਈ ਲੋੜੀਂਦਾ ਪ੍ਰਬੰਧ ਕਰੇ। ਮੈਡਮ ਵਾਲੀਆ ਨੇ ਕਿਹਾ ਕਿ ਜੇਕਰ ਕੋਈ ਸਮਾਜ ਸੇਵੀ ਸਤੀਸ਼ ਕੌਲ ਦੀ ਮਦਦ ਲਈ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ 98784-47565 ‘ਤੇ ਸੰਪਰਕ ਕਰ ਸਕਦਾ ਹੈ।
Any query regarding mr. satish kaul could be asked at : Punjabimusic4all@gmail.com
Disclaimer : This article is direct published from jagbani.com dated 29/09/204 to spread news about veteran actor mr. satish kaul